Friday 20 June 2014

ਕੀ ਪੜ੍ਹਾਈ ਜ਼ਰੂਰੀ ਹੈ ?

ਨੋਟ: ” ਇਹ ਲੇਖ ਮੇਰੀ ਆਪਣੀ ਜ਼ਿੰਦਗੀ ਦੇ ਤਜੁਰਬੇ ਤੇ ਅਧਾਰਿਤ ਹੈ ਅਤੇ ਮੇਰਾ ਮਕਸਦ ਕਿਸੇ ਨੂੰ ਵੀ ਪੜ੍ਹਾਈ ਲਈ ਨਿਰਉਤਸ਼ਾਹਿਤ ਕਰਨਾ ਨਹੀਂ ਹੈ ”
ਕਿਸੇ ਸਮੇਂ ਸਾਡੇ ਸਮਾਜ ਵਿੱਚ ਅਨਪੜ ਇਨਸਾਨ ਨੂੰ ਜਾਹਿਲ ਗਵਾਰ ਸਮਝਿਆ ਜਾਂਦਾ ਸੀ ,ਪਰ ਹੁਣ 21 ਵੀ ਸਦੀ ਵਿੱਚ ਇਨਸਾਨ ਵਿੱਚ ਪੈਸਾ ਕਮਾਉਣ ਦੀ ਕਲਾ ਨੇ ਪੈਸੇ ਵਾਲੇ ਇਨਸਾਨ ਦੀ ਇਜ਼ਤ ਵਧਾ ਦਿੱਤੀ ਹੈ ਭਾਵੇਂ ਓਹ ਅਨਪੜ੍ਹ ਹੀ ਕਿਓਂ ਨਾ ਹੋਵੇ | ਸਾਡਾ ਸਮਾਜ ਅੱਜ ਕੱਲ ਸਿਰਫ ਪੈਸੇ ਵਾਲੇ ਇਨਸਾਨ ਦੀ ਹੀ ਕਦਰ ਕਰਦਾ ਹੈ ਪੰਜਾਬੀ ਦੇ ਅਖਾਣ ” ਜਿਹਦੀ ਕੋਠੀ ਦਾਣੇ ਓਹਦੇ ਕਮਲੇ ਵੀ ਸਿਆਣੇ ” ਵਾਂਗ |
ਮੈਂ ਇੱਥੇ ਗੱਲ ਆਪਣੇ ਨਿੱਜੀ ਤਜੁਰਬੇ ਦੇ ਅਧਾਰ ਤੇ ਕਰਨ ਜਾ ਰਿਹਾ ਹਾਂ | ਮੈਨੂੰ 15 ਸਾਲ ਹੋ ਚੱਲੇ ਹਨ ਆਯਾਤ-ਨਿਰਯਾਤ (Import -Export ) ਦਾ ਕੰਮ ਕਰਦਿਆ studyਅਤੇ ਮੇਰਾ ਵਾਹ ਜ਼ਿਆਦਾਤਰ ਬਾਣੀਆਂ ਅਤੇ ਸਿੰਧੀ ਕੌਮ ਨਾਲ ਪੈਂਦਾ ਹੈ ਜਿਹਨਾਂ ਵਿੱਚ ਤਕਰੀਬਨ 97-98 % ਮਸਾਂ ਹੀ 10+2 ਤੱਕ ਪਹੁੰਚੇ ਹੋਣਗੇ ਪਰ ਪੈਸਾ ਕਮਾਉਣ ਵਿੱਚ ਕਿਸੇ ਤੋਂ ਵੀ ਪਿੱਛੇ ਨਹੀਂ ਹਨ|
ਸਿੰਧੀ ਘਰਾਣਿਆਂ ਵਿੱਚ ਜਦੋਂ ਓਹਨਾਂ ਦੇ ਮੁੰਡੇ 10ਵੀ ਪਾਸ ਜਾਂ ਫੇਲ ਕਰ ਲੈਂਦੇ ਹਨ ਤਾਂ ਓਹਨਾਂ ਨੂੰ ਇਕ ਛੋਟੀ ਜਿਹੀ ਦੁਕਾਨ ਖੋਲ ਕੇ ਦੇ ਦਿੱਤੀ ਜਾਂਦੀ ਹੈ ਜਿਸ ਨੂੰ ਓਹ 7-8 ਸਾਲ ਦੀ ਮਿਹਨਤ ਨਾਲ 22-23 ਸਾਲ ਦੀ ਉਮਰ ਤੱਕ ਜਾਂਦਿਆਂ ਜਾਂਦਿਆਂ ਇੱਕ ਚੰਗਾ ਖਾਸਾ ਕਾਰੋਬਾਰ ਬਣਾ ਦਿੰਦੇ ਹਨ ਅਤੇ ਆਪਣੇ ਖਾਤੇ ਵਿੱਚ ਖਾਸੀ ਰਕਮ (4-5 ਲੱਖ ਡਾਲਰ ਤੱਕ ) ਜਮਾਂ ਕਰਵਾ ਲੈਂਦੇ ਹਨ ਤੇ ਦੂਜੇ ਪਾਸੇ ਸਾਡੇ ਜ਼ਿਮੀਦਾਰ ਲੋਕ ਆਪਣੇ ਬੱਚੇ ਦੀ 22-23 ਸਾਲ ਦੀ ਉਮਰ ਤੱਕ ਪੜ੍ਹਾਈ ਕਾਰਨ 2-4 ਲੱਖ ਰੁਪਈਏ ਦੇ ਕਰਜ਼ੇ ਥੱਲੇ ਨੱਪੇ ਜਾਂਦੇ ਹਨ ਅਤੇ ਇਸ ਤੋਂ ਬਾਅਦ ਬੇਰੁਜ਼ਗਾਰੀ ਦੀ ਮਾਰ ਝੱਲਦੇ ਹੋਏ ਬਹੁਤੇ ਨੌਜਵਾਨ ਡਿਪ੍ਰੇਸ਼ਨ ਦਾ ਸ਼ਿਕਾਰ ਵੀ ਹੋ ਜਾਂਦੇ ਹਨ |
ਪਿਛਲੇ 15 ਸਾਲਾਂ ਵਿੱਚ ਮੈਂ ਸਿੰਧੀਆ ਦੇ ਬੱਚਿਆਂ ਨੂੰ ਜਵਾਨ ਹੁੰਦੇ ਵੇਖਿਆ ਹੈ ਜਿਹਨਾਂ ਵਿੱਚ 1-2 ਮੁੰਡਿਆਂ ਨੂੰ ਛੱਡ ਕੇ ਤਕਰੀਬਨ ਸਾਰੇ ਦੇ ਸਾਰੇ ਹੀ 10ਵੀ ਤੋਂ ਉਰੇ ਉਰੇ ਹੀ ਪੜ੍ਹਾਈ ਵਾਲੇ ਹਥਿਆਰ ਸੁੱਟ ਚੁੱਕੇ ਹਨ ਪਰ ਮੁੰਡਿਆਂ ਦੇ ਮੁਕਾਬਲੇ ਕਾਫੀ ਸਾਰੀਆਂ ਕੁੜੀਆਂ ਉਚ ਪਧਰੀ ਪੜ੍ਹਾਈ ਕਰ ਰਹੀਆਂ ਹਨ ਜਾਂ ਕਰ ਚੁੱਕੀਆਂ ਹਨ | ਤੇ ਇਸੇ ਤਰਾਂ ਸਿੰਧੀਆਂ ਦੇ ਅਨਪੜ ਪਰ ਅਮੀਰ ਮੁੰਡਿਆਂ ਨੂੰ ਪੜ੍ਹੀਆਂ ਲਿਖੀਆਂ ਕੁੜੀਆਂ ਮਿਲਦੀਆਂ ਹਨ ਵਿਆਹ ਵਾਸਤੇ ਜੋ ਕੇ ਆਪਣੇ ਪਤੀ ਦੇ ਕਾਰੋਬਾਰ ਵਿੱਚ ਮੋਢੇ ਨਾਲ ਮੋਢਾ ਜੋੜ ਕੇ ਕੰਮ ਕਰਦੀਆਂ ਹਨ |
ਮੈਂ ਜਦੋਂ ਕਾਰੋਬਾਰ ਨਾਲ ਜੁੜਿਆ ਓਦੋਂ ਮੈਂ MBA ਕਰ ਰਿਹਾ ਸੀ | ਪੜ੍ਹਾਈ ਵਿੱਚੇ ਛੱਡਣ ਦਾ ਮਲਾਲ ਮੈਨੂੰ ਕਈ ਸਾਲ ਰਿਹਾ | ਫਿਰ ਇੱਕ ਵਾਰੀ ਭਾਰਤੀ ਅੰਬੈਸੀ ਦੇ ਕੋੰਸੋਲੇਟ ਜੋ ਕਿ ਪੰਜਾਬੀ ਸਨ ਅਤੇ ਓਹਨਾਂ ਨਾਲ ਚੰਗੇ ਸਬੰਧ ਹੋਣ ਕਾਰਨ ਮੈਂ ਓਹਨਾਂ ਨੂੰ ਬੇਨਤੀ ਕੀਤੀ ਕੇ ਓਹ ਮੇਰੇ ਲਈ MBA ਕਰਨ ਦਾ ਕੋਈ ਤਰੀਕਾ ਲਭ ਕੇ ਦੱਸਣ | ਤੇ ਇੱਕ ਦਿਨ ਓਹ ਆਪਣੀ ਪਤਨੀ ਸਮੇਤ ਮੇਰੇ ਦਫ਼ਤਰ ਆਏ ਤੇ ਮੇਰਾ ਕਾਰੋਬਾਰ ਦੇਖ ਕੇ ਬਹੁਤ ਖੁਸ਼ ਹੋਏ | ਓਹਨਾਂ ਨੇ ਮੈਨੂੰ ਇੱਕ ਸਲਾਹ ਦਿੱਤੀ ਤੇ ਕਹਿੰਦੇ ” ਦੇਖ ,ਤੂੰ ਸਾਡੇ ਬੱਚਿਆਂ ਵਰਗਾ ਹੈ ਤੇ ਆਪਾਂ ਤੈਨੂੰ ਓਹੀ ਸਲਾਹ ਦੇਵਾਂਗੇ ਜਿਹੜੀ ਤੇਰੇ ਕੰਮ ਆਵੇ | ਤੂੰ ਆਪਣੇ ਕਾਰੋਬਾਰ ਵੱਲ ਧਿਆਨ ਦੇ ,ਤੇ ਪੜ੍ਹਨੇ ਦਾ ਵਿਚਾਰ ਛੱਡ ਦੇ ਕਿਓੰਕੇ ਇਕੱਲਾ ਹੋਣ ਕਰਕੇ ਮੇਰੇ ਲਈ ਦੋਨੋ ਪਾਸੇ ਧਿਆਨ ਦੇਣਾ ਬਹੁਤ ਮੁਸ਼ਕਿਲ ਹੋ ਜਾਵੇਗਾ ” ਓਸ ਵੇਲੇ ਮੈਨੂੰ ਓਹਨਾਂ ਦੀ ਸਲਾਹ ਬਹੁਤੀ ਚੰਗੀ ਨੀ ਲੱਗੀ ਸੀ |
ਫਿਰ ਇੱਕ ਵਾਰੀ ਉਬਾਲ ਜਿਹਾ ਉੱਠਿਆ ਤੇ ਮੈਂ ਇੱਥੇ ਇੱਕ ਯੂਨੀਵਰਸਿਟੀ ਵਿੱਚ MBA ਵਿੱਚ ਦਾਖਲਾ ਲੈ ਲਿਆ ,ਪਰ ਮਗਰ ਕੋਈ ਕਾਰੋਬਾਰ ਸਾਂਭਣ ਵਾਲਾ ਨਾ ਹੋਣ ਕਰਕੇ ਮੈਨੂੰ ਫਿਰ ਦਾਖਲਾ ਰੱਦ ਕਰਵਾਉਣਾ ਪਿਆ |
ਫਿਰ ਇੱਕ ਦਿਨ ਇੰਡੀਆ ਤੋਂ ਇੱਕ Exporter ਬਾਣੀਆ ਦੋਸਤ ਇੱਥੇ ਆਇਆ , ਓਹਦੇ ਨਾਲ ਵੀ ਓਹੀ ਗੱਲ ਚੱਲ ਪਈ ਪੜ੍ਹਾਈ ਦੀ ਕੇ ਮੈਂ ਓਹਨੂੰ ਕਿਹਾ ਕੇ ਮੈਂ MBA ਚ ਦਾਖਲੇ ਦੀ ਤਿਆਰੀ ਕਰ ਰਿਹਾ ਹਾਂ ਤਾਂ ਓਹ ਹੱਸਣ ਲੱਗ ਪਿਆ ਤੇ ਕਹਿੰਦਾ ਛੱਡ ਯਾਰ , ਜਿੰਨੇ ਮਰਜ਼ੀ MBA ਵਾਲੇ ਰੱਖ ਲਾ ਕੰਮ ਤੇ ,ਤੈਨੂੰ ਆਪ ਪੜ੍ਹਨੇ ਦੀ ਕੀ ਲੋੜ ਆ ਜਦ ਤਨਖਾਹ ਲੈ ਕੇ ਕੰਮ ਕਰਨ ਵਾਲੇ ਤੁਰੇ ਫਿਰਦੇ ਆ, ਤੂ ਆਪਣੇ ਕੰਮ ਤੇ ਧਿਆਨ ਦੇ !!! ਸੋ ਇਹ ਹੈ ਬਾਣੀਆਂ ਬੁੱਧੀ ……. ਬੱਸ, ਜੋੜ ਘਟਾਓ ਤੇ ਗੁਣਾਂ ਕਰਨ ਜੋਗੇ ਹੋ ਜਾਓ ਤੇ ਪੈਸੇ ਕਮਾਉਣੇ ਸ਼ੁਰੂ ਕਰ ਦਿਓ |
ਤੇ ਹੁਣ ਆਉਨੇ ਆ ਆਪਣੇ ਵੱਲ , ਅੱਜ ਤੋਂ ਕੁਝ ਕੁ ਦਹਾਕੇ ਪਹਿਲਾਂ 10ਵੀ ਪਾਸ ਨੂੰ ਪੜ੍ਹਿਆ ਲਿਖਿਆ ਸਮਝਿਆ ਜਾਂਦਾ ਸੀ ਓਸ ਤੋਂ ਬਾਅਦ ਹੋਲੀ ਹੋਲੀ ਯੂਨੀਵਰਸਿਟੀ ਦੀ ਪੜ੍ਹਾਈ ਕਰਨ ਵਾਲੇ ਪੜ੍ਹਿਆਂ ਲਿਖਿਆਂ ਵਿੱਚ ਗਿਣੇ ਜਾਣ ਲੱਗ ਪਏ। ਪਰ ਅੱਜ ਕੱਲ ਦੇ ਜਮਾਨੇ ਵਿੱਚ ਘੱਟੋ ਘੱਟ ਮਾਸਟਰ ਡਿਗਰੀ ਵਾਲੇ ਨੂੰ ਮਾੜਾ ਮੋਟਾ ਪੜ੍ਹਿਆ ਲਿਖਿਆ ਮੰਨਿਆਂ ਜਾਣ ਲੱਗ ਪਿਆ ਹੈ ਕਿਓੰਕੇ ਬੇਚਲਰ ਡਿਗਰੀਆਂ ਵਾਲੇ ਤਾਂ ਸਾਡੇ ਵਰਗੇ ਲੱਖਾਂ ਦੀ ਗਿਣਤੀ ਚ ਤੁਰੇ ਫਿਰਦੇ ਹਨ | ਮੇਰੇ ਹਿਸਾਬ ਨਾਲ ਜੇਕਰ ਜੇਬ ਇਜਾਜ਼ਤ ਦਿੰਦੀ ਹੋਵੇ ਅਤੇ ਪੜ੍ਹਾਈ ਵਿੱਚ ਲਗਨ ਹੋਵੇ ਤਾਂ ਫਿਰ ਡਾਕਟਰੇਟ (PhD ) ਕਰ ਹੀ ਲੈਣੀ ਚਾਹੀਦੀ ਹੈ ਤੇ ਫਿਰ ਤੁਸੀਂ ਦੁਨੀਆਂ ਵਿੱਚ ਆਪਣੀ ਪੜ੍ਹਾਈ ਦਾ ਮੁੱਲ ਪਵਾ ਸਕਦੇ ਹੋ | ਮੇਰੇ ਕਹਿਣ ਦਾ ਮਤਲਬ ਇਹ ਹੈ ਕੇ ਇੱਕ ਸਿਰਾ ਲਾ ਕੇ ਹੀ ਹਟਣਾ ਚਾਹਿਦਾ ਹੈ | ਮੇਰੇ ਕੁਝ ਜਾਣਕਾਰ ਹਨ ਜੋ ਇੰਡੀਆ ਜਾਂ ਇੰਗਲੈਂਡ ਤੋਂ PhD ਹਨ ਅਤੇ ਓਹ ਕਨੇਡਾ ਅਮਰੀਕਾ ਵਰਗੇ ਮੁਲਖਾਂ ਵਿੱਚ ਚੰਗੀਆਂ ਤਨਖਾਹਾਂ ਤੇ ਕੰਮ ਕਰ ਰਹੇ ਹਨ |
ਸਾਡੇ ਪੰਜਾਬ ਦੇ ਨੌਜਵਾਨ ਜਿਹਨਾਂ ਵਿੱਚ ਮੈਂ ਵੀ ਸ਼ਾਮਿਲ ਸੀ ਆਪਣੀ ਬੇਚਲਰ ਡਿਗਰੀ ਤੋਂ ਬਾਅਦ ਬੱਸ ਇਹੀ ਸੋਚਦੇ ਹਨ ਕੇ ਹੁਣ ਫਟਾ ਫਟ ਨੌਕਰੀ ਮਿਲ ਜਾਵੇ ਤੇ ਪੈਸੇ ਕਮਾਉਣਾ ਸ਼ੁਰੂ ਕਰ ਦੇਈਏ , ਪਰ ਜਦੋਂ ਅਸਲੀਅਤ ਵਿੱਚ ਨੌਕਰੀ ਲੈਣ ਦਾ ਵੇਲਾ ਆਉਂਦਾ ਹੈ ਤਾਂ ਫਿਰ ਪਤਾ ਲਗਦਾ ਹੈ ਕੇ ਸਾਡੇ ਵਰਗੇ ਤੇ ਸਾਡੇ ਤੋਂ ਜ਼ਿਆਦਾ ਨੰਬਰਾਂ ਵਾਲੇ ਹੋਰ ਲੱਖਾਂ ਦੀ ਗਿਣਤੀ ਵਿੱਚ ਡਿਗਰੀਆਂ ਫੜ ਕੇ ਤੁਰੇ ਫਿਰਦੇ ਹਨ | ਉਦਾਹਰਨ ਦੇ ਤੌਰ ਤੇ ਜੋ ਹਾਲ ਅੱਜ ਕੱਲ ਪੰਜਾਬ ਵਿੱਚ ਇੰਜੀਨੀਅਰਾਂ ਹੋ ਰਿਹਾ ਹੈ ਓਹ ਵੀ ਕਿਸੇ ਤੋਂ ਲੁਕਿਆ ਨਹੀਂ ਹੈ | ਵੈਸੇ ਵੀ ਨੌਕਰੀ ਵਿੱਚ ਇਮਾਨਦਾਰੀ ਨਾਲ ਪੈਸਾ ਕਮਾਉਣਾ ਕੋਈ ਸੌਖਾ ਕੰਮ ਨਹੀਂ ਹੈ ਕਿਓੰਕੇ ਤਨਖਾਹ ਦੀ ਵੀ ਇੱਕ ਸੀਮਾ ਹੁੰਦੀ ਹੈ ਤੇ ਓਸ ਤੋਂ ਵਧ ਤਨਖਾਹ ਨਹੀਂ ਮਿਲ ਸਕਦੀ ਤੁਹਾਨੂੰ ,ਪਰ ਕਾਰੋਬਾਰ ਵਿੱਚ ਕੋਈ ਸੀਮਾਂ ਤਹਿ ਨਹੀਂ ਹੁੰਦੀ ,ਪੈਸੇ ਕਮਾਉਣਾ ਤੁਹਾਡੀ ਆਪਣੀ ਹਿੰਮਤ ਤੇ ਨਿਰਭਰ ਕਰਦਾ ਹੈ | ਕਾਰੋਬਾਰ ਵਿੱਚ ਕੁਝ ਕੁ ਹਜ਼ਾਰ ਰੁਪਈਆਂ ਤੋਂ ਲੈ ਕੇ ਮਹੀਨੇ ਦੇ ਲੱਖਾਂ ਰੁਪਈਏ ਵੀ ਕਮਾਏ ਜਾ ਸਕਦੇ ਹਨ | ਮੇਰਾ ਇੱਕ ਭਾਰਤੀ ਦੋਸਤ ਨੂੰ ਓਹਦੇ ਅਗਰਬੱਤੀਆਂ ਦੇ ਕਾਰੋਬਾਰ ਵਿੱਚ ਪਿਛਲੇ ਸਾਲ 35 ਕਰੋੜ ਰੁਪਏ ਦਾ ਸ਼ੁਧ ਮੁਨਾਫਾ ਹੋਇਆ ਤੇ ਓਹ ਕੋਈ ਖਾਸ ਪੜ੍ਹਿਆ ਲਿਖਿਆ ਨਹੀਂ ਹੈ |
ਹੁਣ ਤਾਂ ਦੁਨੀਆਂ ਦੇ ਵੱਡੇ ਵੱਡੇ ਧਨਾਡ ਲੋਕਾਂ ਦੀ ਅਸਲੀਅਤ ਵੀ ਸਭ ਨੂੰ ਪਤਾ ਹੈ ਕੇ ਓਹਨਾਂ ਵਿੱਚੋਂ ਬਹੁਤੇ ਜ਼ਿਆਦਾ ਪੜ੍ਹੇ ਲਿਖੇ ਨਹੀਂ ਹਨ | ਇਸਤੋਂ ਇਹ ਸਿਧ ਹੁੰਦਾ ਹੈ ਕੇ ਪੈਸੇ ਕਮਾਉਣ ਲਈ ਪੜ੍ਹਾਈ ਦੀ ਨਹੀਂ ਦਿਮਾਗ ਦੀ ਲੋੜ ਹੁੰਦੀ ਹੈ ਜੋ ਕੇ ਪੜ੍ਹਾਈ ਤੋਂ ਬਿਨਾਂ ਵੀ ਵਰਤਿਆ ਜਾ ਸਕਦਾ ਹੈ | ਨੌਕਰੀ ਨਾਲੋਂ ਕਾਰੋਬਾਰ ਵਿੱਚ ਕੀਤੇ ਜ਼ਿਆਦਾ ਮੁਨਾਫਾ ਹੁੰਦਾ ਹੈ ਪਰ ਸਾਡੇ ਪੰਜਾਬ ਦੇ ਨੌਜਵਾਨ ਨੌਕਰੀਆਂ ਨਾਂ ਮਿਲਣ ਕਰਕੇ ਹਿੰਮਤ ਹਾਰਕੇ ਨਸ਼ਿਆਂ ਦੇ ਵੱਸ ਪੈ ਰਹੇ ਹਨ |
ਕਿਸੇ ਨੇ ਸਹੀ ਆਖਿਆ ਹੈ ਕੇ ” ਬੇਹਿੰਮਤੇ ਸ਼ਿਕਵੇ ਕਰਨ ਮੁਕੱਦਰਾਂ ਤੇ , ਉੱਗਣ ਵਾਲੇ ਤਾਂ ਉੱਗ ਪੈਂਦੇ ਨੇ ਪਾੜ ਕੇ ਸੀਨੇ ਪੱਥਰਾਂ ਦੇ ”

0 comments:

Post a Comment