Sunday 22 June 2014

ਮੌਜਾਂ ਲੈ ਗਿਆ ਬਠਿੰਡੇ ਵਾਲਾ ਭੋਲਾ

Gurdas Mannਮੌਜਾਂ ਨਾ ਤਾਂ ਧਨ ਨਾਲ ਲਈਆਂ ਜਾ ਸਕਦੀਆਂ ਹਨ, ਨਾ ਸ਼ੋਹਰਤ ਨਾਲ ਅਤੇ ਨਾ ਹੀ ਧੱਕੇ ਨਾਲ। ਮੌਜਾਂ ਫ਼ੱਕਰਾਂ ਦੇ ਹਿੱਸੇ ਆਉਂਦੀਆਂ ਹਨ। ਉਹੋ ਜਿਹੇ ਫ਼ੱਕਰਾਂ ਦੇ ਹਿੱਸੇ, ਜੋ ਰੱਬ ਦੀ ਰਜ਼ਾ ‘ਚ ਰਹਿ ਕੇ ਜ਼ਿੰਦਗੀ ਮਾਣਦੇ ਹਨ। ਉਨ੍ਹਾਂ ਕੁਝ ਇਕ ਕਿਸਮਤ ਵਾਲੇ ਲੋਕਾਂ ਵਿਚੋਂ ਇਕ ਹੈ ”ਬਠਿੰਡੇ ਵਾਲਾ ਭੋਲਾ”।
ਸ਼ਾਇਦ ਇਸ ਨਾਂ ਤੋਂ ਕੁਝ ਲੋਕ ਵਾਕਫ਼ ਨਾ ਹੋਣ ਪਰ ਜਦ ਕੋਈ ਗੁਰਦਾਸ ਮਾਨ ਸਾਹਿਬ ਦਾ ਗੀਤ ”ਮੌਜਾਂ ਲੈ ਗਿਆ ਬਠਿੰਡੇ ਵਾਲਾ ਭੋਲਾ, ਨੀ ਅਸਾਂ ਤੇਰੀ ਤੋਰ ਵੇਖਣੀ, ਲੋਕਾਂ ਵੇਖਣਾ ਵਿਸਾਖੀ ਵਾਲਾ ਮੇਲਾ” ਸੁਣੇ ਤਾਂ ਝੱਟ ਹੀ ਸਮਝ ‘ਚ ਆ ਜਾਵੇਗਾ ਕਿ ਬਠਿੰਡੇ ਵਾਲਾ ਭੋਲਾ ਕੌਣ ਹੈ। ਕਈ ਲੋਕਾਂ ਨੂੰ ਹਾਲੇ ਤੱਕ ਇਹ ਸ਼ੱਕ ਹੈ ਕਿ ਮਾਨ ਸਾਹਿਬ ਨੇ ਆਪਣੇ ਗੀਤ ‘ਚ ਜਿਸ ”ਭੋਲੇ” ਦਾ ਜ਼ਿਕਰ ਕੀਤਾ ਹੈ, ਉਹ ਤਾਂ ਬੱਸ ਐਵੇਂ ਕਲਪਨਾ ਮਾਤਰ ਹੈ ਪਰ ਇਹ ਮੌਜਾਂ ਲੈਣ ਵਾਲਾ ”ਭੋਲਾ” ਕੋਈ ਕਾਲਪਨਿਕ ਪਾਤਰ ਨਹੀਂ, ਸਗੋਂ ”ਭੋਲਾ” ਮਾਨ ਸਾਹਿਬ ਦੇ ਹਰ ਸ਼ੋਅ ‘ਚ ਉਨ੍ਹਾਂ ਦੇ ਗਾਇਨ ਸਮੇਂ ਅਹਿਮ ਭੂਮਿਕਾ ਨਿਭਾਉਂਦਾ ਹੈ ।

ਇਹ ਅੱਤਕਥਨੀ ਵੀ ਨਹੀਂ ਹੈ ਕਿ ਗੀਤ ਬਣਾਉਣ ਲਈ ਹੀ ਭੋਲੇ ਨੂੰ ਮੌਜੀ ਸਾਬਤ ਕੀਤਾ ਹੋਵੇ ਕਿਉਂਕਿ ਭੋਲੇ ਨੂੰ ਨੇੜੇ ਤੋਂ ਜਾਨਣ ਵਾਲੇ ਜਾਣਦੇ ਹਨ ਕਿ ਭੋਲਾ ਕਿੰਨਾ ਕੁ ਮੌਜੀ ਬੰਦਾ ਹੈ।
ਜੇ ਉਹ ਮਾਨ ਸਾਹਿਬ ਹੋਰਾਂ ਨਾਲ ਉਨ੍ਹਾਂ ਦੀ ਗਾਇਕੀ ਦੇ ਸਫ਼ਰ ਤੋਂ ਪਹਿਲੇ ਦਿਨ ਤੋਂ ਜੁੜਿਆ ਹੋਇਆ ਹੈ ਤਾਂ ਮੇਰਾ ਵੀ ਭੋਲੇ ਨਾਲ ਤਕਰੀਬਨ 1983 ਦਾ ਵਾਹ ਵਾਸਤਾ ਹੈ। ਜਦੋਂ ਸੰਤਾਪ ਭੋਗ ਰਹੇ ਪੰਜਾਬ ‘ਚ ਮੈਂ ਡੀ.ਏ.ਵੀ. ਕਾਲਜ ਬਠਿੰਡਾ ਵਿਚ ਪੜ੍ਹਦਾ ਹੁੰਦਾ ਸੀ। ਉਸ ਕਾਲੇ ਦੌਰ ‘ਚ ਬੜੀ ਮੁਸ਼ਕਿਲ ਨਾਲ ਕੁਝ ਪਲ ਖ਼ੁਸ਼ੀ ਮਨਾਉਣ ਦੇ ਆਉਂਦੇ ਸਨ। ਖ਼ਾਸ ਕਰ ਉਦੋਂ ਜਦੋਂ ਕਾਲਜ ਦੇ ਫੰਕਸ਼ਨ ਜਾ ਇੰਟਰ ਕਾਲਜ ਕੰਪੀਟੀਸ਼ਨ ਹੁੰਦੇ ਸਨ।
ਉਸ ਵਕਤ ਸਾਡੇ ਕਾਲਜ ‘ਚ ਪਰਗਟ ਭਾਗੂ ਗਾਇਕੀ ਦੀ ਦੁਨੀਆਂ ‘ਚ ਉਭਰ ਕੇ ਸਾਹਮਣੇ ਆ ਰਿਹਾ ਸੀ ਤੇ ਉੱਘੇ ਨਾਟਕਕਾਰ ਜਨਾਬ ਟੋਨੀ ਬਾਤਿਸ਼ ਆਪਣਾ ਮਸ਼ਹੂਰ ਨਾਟਕ ”ਕੁਦਰਤ ਦੇ ਸਭ ਬੰਦੇ” ਖੇਡਦੇ ਹੁੰਦੇ ਸਨ। ਭਾਵੇਂ ਸਾਡਾ ਕਾਲਜ ਕੋ-ਐਜੁਕੇਸ਼ਨ ਸੀ ਪਰ ਫੇਰ ਵੀ ਗਿਣਤੀ ਦੀਆਂ ਕੁੜੀਆਂ ਹੀ ਉਸ ਵਕਤ ਸਾਡੇ ਕਾਲਜ ‘ਚ ਪੜ੍ਹਦੀਆਂ ਸਨ। ਉਸ ਟਾਈਮ ਭੋਲਾ ਬਾਈ ਸਾਡੇ ਕਾਲਜ ਵਿਚ ਕਦੇ ਪਰਗਟ ਨਾਲ ਤੇ ਕਦੇ ਟੋਨੀ ਬਾਤਿਸ਼ ਸਾਹਿਬ ਨਾਲ ਅਤੇ ਕਦੇ ਕੁੜੀਆਂ ਨੂੰ ਗਿੱਧਾ ਸਿਖਾਉਂਦਾ ਨਜ਼ਰੀਂ ਪੈ ਜਾਂਦਾ।
ਸਰਤਾਜ ਦੇ ਕਹਿਣ ਵਾਂਗ ਵਿਦਿਆਰਥੀ ਜੀਵਨ ਦੀਆਂ ਆਰਥਿਕ ਤੰਗੀਆਂ-ਤਰੁੱਟੀਆਂ ਦੇ ਬਾਵਜੂਦ ਅਸੀਂ ਭੋਲੇ ਨਾਲ ਪੰਜਾਹ ਪੈਸਿਆਂ ਦਾ ਚਾਹ ਦਾ ਕੱਪ ਤੇ ਨਾਲ ਇਕ ਰੁਪਈਏ ਦੇ ਦੋ ਬ੍ਰੈੱਡ ਪਕੌੜੇ ਕੰਟੀਨ ‘ਚ ਬਹਿ ਕੇ ਖਾਣ ਲਈ ਤਤਪਰ ਰਹਿੰਦੇ ਸੀ। ਇਸ ”ਟੀ ਪਾਰਟੀ” ਪਿੱਛੇ ਬੱਸ ਇਕ ਹੀ ਕਾਰਨ ਹੁੰਦਾ ਸੀ ਕਿ ਉਹ ਉਸ ਵਕਤ ਚੜ੍ਹ ਰਹੇ ਸੂਰਜ ਗੁਰਦਾਸ ਮਾਨ ਦਾ ਸੰਗੀ ਸੀ। ਸਾਨੂੰ ਲਗਦਾ ਜਿਵੇਂ ਅਸੀਂ ਮਾਨ ਸਾਹਿਬ ਨਾਲ ਹੀ ਬਹਿ ਕੇ ਚਾਹ ਪੀ ਰਹੇ ਹੋਈਏ।
ਛੋਟੇ ਜਿਹੇ ਕੱਦ ਦਾ ਅਤੇ ਹੌਲੇ ਜਿਹੇ ਸਰੀਰ ਦਾ ਮਾਲਕ ਭੋਲਾ ਅੱਜ ਤੋਂ ਤਕਰੀਬਨ ਤੀਹ ਵਰ੍ਹੇ ਪਹਿਲਾਂ ਜਿਨ੍ਹਾਂ ਛੋਹਲ਼ਾ ਸੀ, ਉਨ੍ਹੀ ਹੀ ਫੁਰਤੀ ਉਸ ‘ਚ ਉਸ ਸਮੇਂ ਦੇਖਣ ਨੂੰ ਮਿਲੀ ਜਦੋਂ ਇਸ ਵਾਰ ਮਾਨ ਸਾਹਿਬ ਦੇ ਆਸਟ੍ਰੇਲੀਆ ਦੌਰੇ ਦੌਰਾਨ ਬਾਈ ਭੋਲੇ ਨਾਲ ਮੁਲਾਕਾਤ ਹੋਈ। ਭੋਲੇ ਨਾਲ ਮੇਰੀ ਇਕ ਹੋਰ ਪੱਕੀ ਸਾਂਝ ਹੈ, ਉਹ ਹੈ ਉਸ ਦਾ ਜਨਮ ਸਥਾਨ! ਅਸਲ ‘ਚ ਭੋਲੇ ਦਾ ਜਨਮ ਸਾਡੀ ਛੋਟੀ ਜਿਹੀ ਮੰਡੀ ਕਾਲਾਂਵਾਲੀ ਵਿੱਚ ਹੋਇਆ। ਇਸ ਕਾਰਨ ਵੀ ਭੋਲਾ ਮੈਨੂੰ ਸਦਾ ਹੀ ਆਪਣਾ-ਆਪਣਾ ਜਿਹਾ ਲੱਗਿਆ। ਮਾਨ ਸਾਹਿਬ ਦੇ ਪਿਛਲੇ ਆਸਟ੍ਰੇਲੀਆ ਦੌਰੇ ਦੌਰਾਨ ਜਦੋਂ ਮੇਰੀ ਮੁਲਾਕਾਤ ਮਾਨ ਸਾਹਿਬ ਨਾਲ ਹੋਈ ਤਾਂ ਉਹ ਕਹਿੰਦੇ ਭਾਈ ਤੇਰੇ ਨਾਲ ਸਾਡੀ ਇਕ ਸਾਂਝ ਹੈ, ਤੂੰ ਸਾਡੇ ਭੋਲੇ ਦੀ ਜਨਮ ਭੂਮੀ ਤੋਂ ਹੈ। ਉਸ ਵਕਤ ਪਹਿਲੀ ਵਾਰ ਮੈਨੂੰ ਇਹ ਅਹਿਸਾਸ ਹੋਇਆ ਕਿ ਮਾਨ ਸਾਹਿਬ ਦੇ ਦਿਲ ਵਿਚ ਭੋਲੇ ਪ੍ਰਤੀ ਕਿੰਨਾਂ ਸਤਿਕਾਰ ਹੈ।
ਮਾਨ ਸਾਹਿਬ ਜਦੋਂ ਸਟੇਜ ਤੇ ਹੁੰਦੇ ਹਨ ਤਾਂ ਉਹ ਛੇਤੀ ਛੇਤੀ ਕਿਸੇ ਦਾ ਨਾਂ ਨਹੀਂ ਲੈਂਦੇ। ਪਰ ਇਕ ਸਚਾਈ ਇਹ ਵੀ ਹੈ ਕਿ ਸ਼ਾਇਦ ਹੀ ਮਾਨ ਸਾਹਿਬ ਦੀ ਕੋਈ ਇਹੋ ਜਿਹੀ ਸਟੇਜ ਹੋਵੇ, ਜਿੱਥੇ ਉਹ ਭੋਲੇ ਦਾ ਜ਼ਿਕਰ ਨਾ ਕਰਦੇ ਹੋਣ। ਉਨ੍ਹਾਂ ਇਸ ਵਾਰ ਐਡੀਲੇਡ ਸ਼ੋਅ ਵਿਚ ਜੋ ਗੱਲਾਂ ਭੋਲੇ ਬਾਰੇ ਸਟੇਜ ਤੇ ਕਹੀਆਂ, ਉਨ੍ਹਾਂ ਵਿਚੋਂ ਜਿਸ ਗੱਲ ਨੇ ਮੈਨੂੰ ਬਹੁਤ ਟੁੰਬਿਆ, ਉਹ 1982 ਦੀ ਘਟਨਾ ਸੀ । ਮਾਨ ਸਾਹਿਬ ਕਹਿੰਦੇ ਕਿ ਸਾਨੂੰ ਕੈਨੇਡਾ ਤੋਂ ਪ੍ਰੋਗਰਾਮ ਕਰਨ ਦਾ ਸੁਨੇਹਾ ਮਿਲਿਆ ਤੇ ਅਸੀਂ ਜਦੋਂ ਉਨ੍ਹਾਂ ਨਾਲ ਗੱਲਬਾਤ ਕੀਤੀ ਤਾਂ ਉਹ ਕਹਿੰਦੇ ਕਿ ਢੋਲਕੀ ਵਾਲੇ ਦੀ ਕੋਈ ਲੋੜ ਨਹੀਂ ਹੈ, ਉਹ ਤਾਂ ਸਾਡੇ ਗੁਰਦੁਆਰੇ ਵਾਲਾ ਭਾਈ ਵਜਾ ਦੇਵੇਗਾ।
ਛੇ ਮਹੀਨੇ ਬੀਤ ਗਏ ਪਰ ਵੀਜ਼ਾ ਨਾ ਲੱਗਿਆ। ਉਸ ਵਕਤ ਉਹ ਕਹਿੰਦੇ ਚਲੋ ਤੁਹਾਡੇ ਢੋਲਕੀ ਵਾਲੇ ਦਾ ਪਾਸਪੋਰਟ ਵੀ ਦੇ ਦਿਓ। ਅਸੀਂ ਇਕੋ ਦਿਨ ‘ਚ ਭੋਲੇ ਦਾ ਪਾਸਪੋਰਟ ਬਣਾ ਕੇ ਭੇਜ ਦਿੱਤਾ ਤੇ ਜਿਹੜੇ ਅਸੀਂ ਪੰਜ ਬੰਦੇ, ਛੇ ਮਹੀਨਿਆਂ ਤੋਂ ਵੀਜ਼ੇ ਲਈ ਤਰਸ ਰਹੇ ਸੀ, ਉਹ ਵੀਜ਼ਾ ਭੋਲੇ ਦੇ ਅਪਲਾਈ ਕਰਨ ਨਾਲ ਸਾਰਿਆਂ ਦਾ ਆ ਗਿਆ। ਮਾਨ ਸਾਹਿਬ ਕਹਿੰਦੇ ਭਾਈ ਉਸੇ ਦਿਨ ਤੋਂ ਅਸੀਂ ਸਮਝ ਗਏ ਸੀ ਕਿ ਭੋਲਾ ਲੱਕੜ ਹੈ ਤੇ ਅਸੀਂ ਲੋਹਾ, ਸੋ ਅਸੀਂ ਇਸ ਨਾਲ ਤਰ ਗਏ। ਉਸ ਵਕਤ ਸੁਣਨ ਵਾਲਿਆਂ ਨੂੰ ਧੁੜਧੁੜੀ ਨਿਕਲੀ ਜਦੋਂ ਮਾਨ ਸਾਹਿਬ ਨੇ ਕਿਹਾ ਕਿ ਅੱਜ ਗੁਰਦਾਸ ਕਰ ਕੇ ਭੋਲਾ ਨਹੀਂ, ਭੋਲੇ ਕਰ ਕੇ ਗੁਰਦਾਸ ਹੈ। ਵਿਚਾਰਨਯੋਗ ਹੈ ਕਿ ਇੱਕ ਪਾਸੇ ਮਾਨ ਸਾਹਿਬ ਨਾਲ ਰੱਬੀ ਸਬੱਬੀਂ ਇਕ ਫ਼ੋਟੋ ਖਿਚਵਾਉਣ ਵਾਲਾ ਵੀ ਮਾੜੇ-ਧੀੜੇ ਨੂੰ ਨੇੜੇ ਨਹੀਂ ਲੱਗਣ ਦਿੰਦਾ ਪਰ ਦੂਜੇ ਪਾਸੇ ਪੈਂਤੀ ਵਰ੍ਹਿਆਂ ਤੋਂ ਮਾਨ ਸਾਹਿਬ ਦੇ ਦਿਲ ‘ਚ ਥਾਂ ਬਣਾਈ ਬੈਠਾ ਇਹ ਫ਼ੱਕਰ ਹੈ, ਜੋ ਕਦੇ ਫੜ ਮਾਰਦਾ ਨਹੀਂ ਦਿਸਦਾ।
ਭੋਲਾ ਮਾਨ ਸਾਹਿਬ ਦਾ ਪੱਕਾ ਸਾਥੀ ਹੈ ਪਰ ਫੇਰ ਵੀ ਖ਼ਾਲੀ ਵਕਤ ਉਹ ਕਦੇ ਕਿਸੇ ਨੂੰ ਮੱਦਦ ਤੋਂ ਜਵਾਬ ਨਹੀਂ ਦਿੰਦਾ, ਚਾਹੇ ਕੋਈ ਨੌਸਖੀਆ ਕਲਾਕਾਰ ਹੋਵੇ ਜਾਂ ਕਿਸੇ ਕਾਲਜ ‘ਚ ਕੁੜੀਆਂ ਦੇ ਗਿੱਧੇ ‘ਚ ਢੋਲਕੀ ਵਜਾਉਣੀ ਹੋਵੇ, ਉਹ ਕਦੇ ਨਖ਼ਰੇ ਨਹੀਂ ਕਰਦਾ। ਇਕ ਵਾਰ ਦੀ ਗੱਲ ਹੈ ਜਦ ਕਿ ਵੀਰ ਦਵਿੰਦਰ ਨੇ ਨਵਾਂ-ਨਵਾਂ ਗਾਉਣਾ ਸ਼ੁਰੂ ਕੀਤਾ ਸੀ । ਉਸ ਵੇਲੇ ਉਹ ਹਰਦੇਵ ਮਾਹੀਨੰਗਲ ਨਾਲ ਸਟੇਜ ਕਰਿਆ ਕਰਦਾ ਸੀ । ਇਕ ਦਿਨ ਉਸ ਨੂੰ ਕੋਈ ਪ੍ਰੋਗਰਾਮ ਮਿਲ ਗਿਆ ਤੇ ਉਹ ਮੇਰੇ ਕੋਲ ਗੈਸ ਸਿਲੰਡਰ ਲੈਣ ਆਇਆ ਤੇ ਕਹਿੰਦਾ ਕਿ ਮੈਂ ਭੋਲੇ ਨੂੰ ਮਾਡਲ ਟਾਊਨ ਤੋਂ ਚੜ੍ਹਾ ਲਿਆਵਾਂ। ਮੈਂ ਹੈਰਾਨ ਹੁੰਦੇ ਕਿਹਾ ਕਿ ਉਹ ਤੇਰੇ ਨਾਲ ਜਾਵੇਗਾ! ਮੈਨੂੰ ਲਗਦਾ ਉਤਨੇ ਪੈਸੇ ਤਾਂ ਤੈਨੂੰ ਪ੍ਰੋਗਰਾਮ ਦੇ ਨਹੀਂ ਮਿਲਣੇ ਜਿੰਨੇ ਭੋਲਾ ਮੰਗੂ। ਅੱਗੋਂ ਵੀਰ ਦਵਿੰਦਰ ਨੇ ਦੱਸਿਆ ਕਿ ਉਹ ਤਾਂ ਫ਼ੱਕਰ ਬੰਦਾ ਹੈ, ਬਿਨਾਂ ਪੈਸਿਆਂ ਦੇ ਵੀ ਨਾਲ ਤੁਰ ਪਏਗਾ।
ਭੋਲੇ ਨੂੰ ਨੇੜੇ ਤੋਂ ਜਾਣਨ ਵਾਲੇ ਜਾਣਦੇ ਹਨ ਕਿ ਉਹ ਜਦੋਂ ਵਿਹਲਾ ਹੁੰਦਾ ਤਾਂ ਜਗਰਾਤੇ ਵੀ ਕਰਦਾ ਤੇ ਇਕ ਵਾਰ ਮੈਂ ਬਠਿੰਡੇ ਤੋਂ ਕਾਲਾਂਵਾਲੀ ਨੂੰ ਰੇਲਗੱਡੀ ‘ਚ ਜਾ ਰਿਹਾ ਸਾਂ ਤਾਂ ਭੋਲਾ ਸਾਡੇ ਇੱਕ ਲੋਕਲ ਗਾਇਕ ਭੁਪਿੰਦਰ ਸਰਾ ਨਾਲ ਮੇਰੇ ਵਾਲੇ ਡੱਬੇ ‘ਚ ਆ ਚੜ੍ਹਿਆ। ਸੁਭਾਅ ਦਾ ਮਜ਼ਾਕੀਆ ਭੋਲਾ ਆਪਣੀ ਇਕ ਹੱਡ ਬੀਤੀ ਸੁਣਾਉਣ ਲੱਗ ਪਿਆ ਕਹਿੰਦਾ ਯਾਰ ਕੱਲ੍ਹ ਤਾਂ ਬਹੁਤ ਭੈੜੀ ਹੋਈ ਮੈਂ ਤਾਂ ਮਸਾਂ ਹੀ ਬਚਿਆ। ਉਸ ਨੇ ਆਪਣੇ ਨਾਲ ਬੀਤਿਆ ਜੋ ਹਾਦਸਾ ਉਸ ਦਿਨ ਸੁਣਾਇਆ, ਮੇਰੇ ਹੁਣ ਵੀ ਜਦੋਂ ਯਾਦ ਆ ਜਾਵੇ ਤਾਂ ਹਾਸਾ ਨਿਕਲ ਜਾਂਦਾ ਹੈ।
ਲਓ ਤੁਸੀਂ ਵੀ ਸੁਣ ਲਵੋ; ਅੱਜ ਕੱਲ੍ਹ ਜਗਰਾਤਿਆਂ ‘ਚ ਇਕ ਨਵਾਂ ਟ੍ਰੇਂਡ ਚਲਿਆ ਕਿ ਇਕ ਨਿੱਕੀ ਕੁੜੀ ਨੂੰ ਮਾਤਾ ਦਾ ਰੂਪ ਧਰਵਾ ਦਿਤਾ ਜਾਂਦਾ ਤੇ ਇਕ ਬੰਦੇ ਨੂੰ ਸ਼ੇਰ ਦੀ ਵਰਦੀ ਪੁਆ ਦਿੱਤੀ ਜਾਂਦੀ ਹੈ। ਜਦੋਂ ਭਗਤ ਭੇਂਟਾਂ ਗਾਉਂਦੇ ਹਨ ਤਾਂ ਮਾਤਾ ਸ਼ੇਰ ਤੇ ਚੜ੍ਹ ਕੇ ਉਥੇ ਹਾਜ਼ਰ ਹੁੰਦੀ ਹੈ। ਬਠਿੰਡੇ ਇਕ ਜਗਰਾਤੇ ‘ਚ ਭੋਲੇ ਦੀ ਸ਼ੇਰ ਬਣਨ ਦੀ ਡਿਊਟੀ ਲੱਗ ਗਈ। ਸਾਰੇ ਕਲਾਕਾਰ ਗੁਆਂਢੀਆਂ ਦੀ ਬੈਠਕ ‘ਚ ਤਿਆਰ ਹੋ ਰਹੇ ਸਨ। ਭੋਲਾ ਵੀ ਸ਼ੇਰ ਦੀ ਵਰਦੀ ਪਾ ਕੇ ਤਿਆਰ ਸੀ ਤੇ ਉਧਰ ਭਗਤ ਜ਼ੋਰ ਜ਼ੋਰ ਨਾਲ ਸ਼ੇਰ ਜੀ ਨੂੰ ਬੇਨਤੀ ਕਰ ਰਹੇ ਸਨ ਕਿ ਮਾਤਾ ਨੂੰ ਲੈ ਕੇ ਆਓ। ਭੋਲਾ ਕਹਿੰਦਾ ਮੈਂ ਗਲੀ ‘ਚ ਭੁੱਲ ਕੇ ਚਾਰੇ ਪੈਰਾਂ ਤੇ ਤੁਰ ਕੇ ਜਗਰਾਤੇ ਵਾਲੇ ਘਰ ਜਾਣ ਲੱਗਿਆ ਤਾਂ ਕੁੱਤਿਆਂ ਨੇ ਦੇਖ ਲਿਆ। ਉਨ੍ਹਾਂ ਸੋਚਿਆ ਕਿ ਆਹ ਅਜੀਬ ਜਿਹਾ ਜਾਨਵਰ ਕਿਥੋਂ ਆ ਗਿਆ?
ਬੱਸ ਫੇਰ ਕੀ ਸੀ ਜਦੋਂ ਨੂੰ ਮੈਨੂੰ ਸੁਰਤ ਆਉਂਦੀ ਪੰਜ-ਛੇ ਕੁੱਤੇ ਮੇਰੇ ਮਗਰ ਪੈ ਗਏ। ਇੱਕ ਨੇ ਤਾਂ ਮੇਰੀ ਪੂਛ ਪੱਟ ਦਿੱਤੀ। ਕਿਵੇਂ ਨਾ ਕਿਵੇਂ ਮੈਂ ਗਲੀਆਂ ਚੋਂ ਭੱਜਦਾ ਹੋਇਆ ਮਹਿਣਾਂ ਚੌਂਕ ਦੇ ਕੋਲ ਇਕ ਵੱਡੇ ਬੈਂਚ ਉਤੇ ਚੜ੍ਹ ਗਿਆ। ਉਧਰ ਭਗਤਾਂ ਦੀਆਂ ਰਗਾਂ ਬਹਿ ਗਈਆਂ ਸ਼ੇਰ ਜੀ ਨੂੰ ਅਰਜ਼ਾਂ ਕਰਦਿਆਂ ਦੀਆਂ। ਏਧਰ ਭੋਲਾ ਬੈਂਚ ਤੇ ਚੜ੍ਹ ਕੇ ਕੁਰਲਾਈ ਜਾਵੇ ਕਿ ”ਮੈਂ ਬਠਿੰਡੇ ਵਾਲਾ ਭੋਲਾ ਹਾਂ”।
ਪਰ ਅਨਪੜ੍ਹ ਕੁੱਤਿਆਂ ਨੂੰ ਕੌਣ ਸਮਝਾਵੇ। ਕੁਦਰਤੀਂ ਭੋਲੇ ਨੂੰ ਭਾਲਦੇ ਜਗਰਾਤੇ ਵਾਲੇ ਮੁੰਡੇ ਉੱਥੇ ਆਏ ਤੇ ਭੋਲਾ ਬੈਂਚ ਤੋਂ ਥੱਲੇ ਉਤਰਿਆ।
ਭੋਲੇ ਦਾ ਅਸਲੀ ਨਾਂ ਬਹੁਤ ਘੱਟ ਲੋਕ ਜਾਣਦੇ ਹੋਣਗੇ । ਉਸ ਦਾ ਅਸਲੀ ਨਾਂ ਜਸਵੰਤ ਸਿੰਘ ਭੋਲਾ ਹੈ । ਅੱਜ ਕੱਲ੍ਹ ਉਹ ਬਠਿੰਡੇ ਮਾਡਲ ਟਾਊਨ ‘ਚ ਰਹਿ ਰਿਹਾ ਹੈ । ਉਨ੍ਹਾਂ ਦੇ ਪਿਤਾ ਜੀ ਮਾਸਟਰ ਚੰਚਲ ਸਿੰਘ ਵੱਖ ਵੱਖ ਥਾਂ ਤੇ ਨੌਕਰੀ ਕਰਦੇ ਰਹੇ ਹਨ। ਉਨ੍ਹਾਂ ਦੀ ਕਾਲਾਂਵਾਲੀ ਮੰਡੀ ‘ਚ ਡਿਊਟੀ ਦੌਰਾਨ ਭੋਲੇ ਦਾ ਜਨਮ ਹੋਇਆ। ਉਸ ਵੇਲੇ ਕਾਲਾਂਵਾਲੀ ਅਣਵੰਡੇ ਪੰਜਾਬ ਦਾ ਹਿੱਸਾ ਸੀ ਤੇ ਅੱਜ ਕੱਲ੍ਹ ਹਰਿਆਣਾ ਦੇ ਸਿਰਸਾ ਜ਼ਿਲ੍ਹੇ ਵਿਚ ਪੈਂਦੀ ਹੈ। ਆਪਣੇ ਪਿਤਾ ਦੀ ਬਦਲੀ ਦੇ ਨਾਲ ਨਾਲ ਭੋਲਾ ਵੀ ਸ਼ਹਿਰ ਬਦਲਦਾ ਰਿਹਾ। ਇਸ ਦੌਰਾਨ ਉਹ ਕੁਝ ਵਕਤ ਡੱਬਵਾਲੀ ਰਿਹਾ। ਘਰ ਦਿਆਂ ਨੇ ਉਸ ਨੂੰ ਆਪਣੇ ਪੁਸ਼ਤੈਨੀ ਧੰਦੇ ਗੰਨ ਹਾਊਸ ਵੱਲ ਜਾਣ ਲਈ ਪ੍ਰੇਰਿਆ, ਜੋ ਕਿ ‘ਨੇਤਾ ਜੀ’ ਗੰਨ ਹਾਊਸ ਦੇ ਨਾਂ ਤੇ ਬੰਦੂਕਾਂ ਦੀ ਮੁਰੰਮਤ ਦਾ ਕੰਮ ਕਰਦੇ ਸਨ। ਪਰ ਭੋਲਾ ਤਾਂ ਚਾਰ ਕਿੱਲੋ ਵਾਲੀ ਖਜੂਰਾਂ ਵਾਲੀ ਖ਼ਾਲੀ ਪੀਪੀ ‘ਚ ਸੁੱਬੀ ਪਾ ਕੇ ਉਸ ਵਿਚੋਂ ਤਾਲ ਭਾਲਦਾ ਫਿਰਦਾ ਸੀ। ਉਸ ਨੂੰ ਬੰਦੂਕਾਂ ਦਾ ਧੰਦਾ ਕਿਥੇ ਚੰਗਾ ਲਗਦਾ ਸੀ?
ਭੋਲਾ ਕਹਿੰਦਾ ਹੈ ਕਿ ਆਪਾਂ ਰੱਬ ਦੀਆਂ ਬਣਾਈਆਂ ਚੀਜ਼ਾਂ ਨੂੰ ਪਿਆਰ ਕਰਨ ਵਾਲੇ ਬੰਦੇ ਹਾਂ ਤੇ ਬੰਦੂਕ ਜਦੋਂ ਚਲਦੀ ਹੈ ਤਾਂ ਚੰਗਾ ਨਹੀਂ ਕਰਦੀ। ਆਪਾਂ ਤਾਂ ਢੋਲਕੀ ਵਜਾ ਕੇ ਹੀ ਆਪਣਾ ਯਾਰ ਮਨਾਉਣਾ ਹੈ। ਮਾਨ ਸਾਹਿਬ ਦੀ ਮੁਲਾਕਾਤ ਦੇ ਸੰਬੰਧ ‘ਚ ਭੋਲੇ ਨੇ ਦੱਸਿਆ ਕਿ ਮੈਂ 1976 ਦੇ ਕਰੀਬ ਗਿੱਦੜਬਾਹਾ ਪੜ੍ਹਦਾ ਹੁੰਦਾ ਸੀ। ਸਾਡੇ ਘਰ ਤੋਂ ਸਕੂਲ ਦੇ ਰਾਹ ‘ਚ ਮਾਨ ਸਾਹਿਬ ਹੋਰਾਂ ਦਾ ਘਰ ਪੈਂਦਾ ਸੀ। ਜਦੋਂ ਛੁੱਟੀ ਹੋਣੀ ਮਾਨ ਸਾਹਿਬ ਨੇ ਗਲੀ ‘ਚੋਂ ਜਾਂਦੇ ਨੂੰ ਆਪਣੇ ਚੁਬਾਰੇ ‘ਚ ਆਵਾਜ਼ ਮਾਰ ਲੈਣੀ ਤੇ ਆਪਾਂ ਆਪਣੀ ਪੀਪੀ ਕੱਢ ਲੈਣੀ। ਬੱਸ ਫੇਰ ਕੀ ਸੀ, ਕਦੇ ਕਦੇ ਹਾਕਮ ਬਾਈ ਨੇ ਆ ਰਲਣਾ ਤੇ ਘਰ ਦੇ ਭਾਲਦੇ ਫਿਰਦੇ ਕਿ ਪਤਾ ਨਹੀਂ ਸਕੂਲੋਂ ਲੇਟ ਕਿਉਂ ਹੋ ਗਿਆ। ਬੱਸ ਫੇਰ ਇਕ ਦਿਨ ਮਾਨ ਸਾਹਿਬ ਆਪਣੇ ਨਾਲ ਪਟਿਆਲੇ ਲੈ ਆਏ। ਬੱਸ ਫੇਰ ਚੱਲ ਸੋ ਚੱਲ ।
ਭੋਲੇ ਨੂੰ ਇਹ ਸਵਾਲ ਕਰਨਾ ਤਾਂ ਹਾਸੋਹੀਣਾ ਹੈ ਕਿ ਕਿੰਨੇ ਮੁਲਕਾਂ ‘ਚ ਤੇ ਕਿੰਨੀ ਵਾਰੀ ਜਾ ਆਏ ਹੋ। ਇਸ ਦੇ ਜਵਾਬ ‘ਚ ਭੋਲਾ ਕਹਿੰਦਾ ਹੁੰਦਾ ਬਾਈ ਏਨਾ ਤਾਂ ਪਤਾ ਨਹੀਂ ਪਰ ਹੁਣ ਤੱਕ ਛੇ ਸੱਤ ਪਾਸਪੋਰਟ ਮੋਹਰਾਂ ਲਗਵਾ ਲਗਵਾ ਕੇ ਭਰ ਦਿੱਤੇ ਹਨ। ਹਾਂ ਆਸਟ੍ਰੇਲੀਆ ਦਾ ਯਾਦ ਐ, ਆਹ ਪੰਜਵਾਂ ਗੇੜਾ ਮੇਰਾ। ਅਮਰੀਕਾ, ਕੈਨੇਡਾ ਤੇ ਇੰਗਲੈਂਡ ਤਾਂ ਹੁਣ ਗਿਣਤੀ ਤੋਂ ਬਾਹਰ ਹੋ ਗਏ ਨੇ।
ਐਡੀਲੇਡ ਵਿਖੇ ਸ਼ੋਅ ਦੀ ਸਮਾਪਤੀ ‘ਤੇ ਜਦ ਭੋਲੇ ਨਾਲ ਮੁਲਾਕਾਤ ਹੋਈ ਤਾਂ ਉਹ ਆਪਣੇ ਸਾਜ਼ ਸੰਭਾਲਣ ‘ਚ ਵਿਅਸਤ ਸੀ ਪਰ ਉਸ ਨੇ ਅਗਲੇ ਦਿਨ ਮਿਲਣ ਦਾ ਵਾਦਾ ਕੀਤਾ। ਸੋਮਵਾਰ ਨੂੰ ਮੈਂ ਹਰਮਨ ਰੇਡੀਓ ਦੇ ਆਪਣੇ ਹਫ਼ਤਾਵਾਰੀ ਟਾਕ ਸ਼ੋਅ ਲਹਿਰਾਂ ‘ਚ ਵਿਅਸਤ ਸਾਂ ਤਾਂ ਭੋਲੇ ਦੁਆਰਾ ਪਰਾਣੀਆ ਯਾਦਾਂ ਤਾਜ਼ਾ ਕਰਨ ਦਾ ਸੁਨੇਹਾ ਆਇਆ । ਮੈਂ ਤੇ ਮੇਰਾ ਮਿੱਤਰ ਦਵਿੰਦਰ ਧਾਲੀਵਾਲ ਜਦੋਂ ਹੋਟਲ ਐਂਬਸੀ ਪੁੱਜੇ ਤਾਂ ਉਹ ਮਾਨ ਸਾਹਿਬ ਦੇ ਕਮਰੇ ‘ਚ ਸੀ। ਏਨੇ ‘ਚ ਉਥੇ ਮਾਨ ਸਾਹਿਬ ਦੇ ਦੋ ਸਾਜ਼ੀ ਆ ਗਏ। ਉਨ੍ਹਾਂ ਨੂੰ ਭੋਲੇ ਨਾਲ ਮਿੱਤਰਤਾ ਬਾਰੇ ਦੱਸਿਆ ਤਾਂ ਉਹ ਬੜੇ ਸਤਿਕਾਰ ਨਾਲ ਆਪਣੇ ਕਮਰੇ ‘ਚ ਲੈ ਗਏ। ਉਥੇ ਪਹਿਲਾਂ ਤੋਂ ਹੀ ਮਾਨ ਸਾਹਿਬ ਦਾ ਇਕ ਹੋਰ ਪੁਰਾਣਾ ਸਾਥੀ ਜੱਸੀ ਅਤੇ ਕੁਝ ਹੋਰ ਬੰਦੇ ਮੌਜੂਦ ਸਨ। ਪਹਿਲੀ ਨਜ਼ਰੇ ਉਨ੍ਹਾਂ ਨੇ ਸਾਨੂੰ ਪੱਤਰਕਾਰ ਸਮਝ ਲਿਆ ਤੇ ਜੱਸੀ ਦੀਆਂ ਗੱਲਾਂ ‘ਚੋਂ ਪੱਤਰਕਾਰਾਂ ਪ੍ਰਤੀ ਕੁਝ ਗਿਲਾ ਜਿਹਾ ਝਲਕਿਆ। ਉਸ ਕਿਹਾ ਕਿ ਲੋਕ ਬਿਨਾਂ ਗੱਲ ਦੀ ਤਹਿ ਤੱਕ ਗਿਆਂ, ਬੇ ਸਿਰ ਪੈਰ ਦੀਆਂ ਗੱਲਾਂ ਕਰਦੇ ਰਹਿੰਦੇ ਹਨ ਪਰ ਮਾਨ ਸਾਹਿਬ ਨੂੰ ਇਹਨਾਂ ਗੱਲਾਂ ਨਾਲ ਕੋਈ ਫ਼ਰਕ ਨਹੀਂ ਪੈਂਦਾ । ਉਹ ਜੋ ਕੁਝ ਵੀ ਹਨ, ਸਭ ਦੇ ਸਾਹਮਣੇ ਹਨ।
ਬਾਕੀ ਮਾਨ ਸਾਹਿਬ ਨੂੰ ਅਜਿਹੀਆਂ ਗੱਲਾਂ ਦਾ ਜੁਆਬ ਵੀ ਨਹੀਂ ਦੇਣਾ ਪੈਂਦਾ ਕਿਉਂਕਿ ਮਾਨ ਸਾਹਿਬ ਦੇ ਚਾਹੁਣ ਵਾਲੇ ਆਪ ਹੀ ਜਵਾਬ ਦੇ ਦਿੰਦੇ ਹਨ। ਮੈਂ ਉਨ੍ਹਾਂ ਨੂੰ ਦੱਸਿਆ ਕਿ ਮੈਂ ਪੱਤਰਕਾਰ ਨਹੀਂ ਹਾਂ, ਮੈਂ ਤਾਂ ਉਨ੍ਹਾਂ ਲੋਕਾਂ ਦਾ ਕਦਰਦਾਨ ਹਾਂ ਜਿੰਨ੍ਹਾਂ ਨੇ ਕੁਝ ਵੱਖਰਾ ਕੀਤਾ ਹੈ।ਮੈਂ ਨਾ ਕਦੇ ਗੁਰਦਾਸ ਮਾਨ ਨੂੰ ਵੱਡਾ ਤੇ ਨਾ ਕਦੇ ਇਕ ਢੋਲਕੀ ਵਜਾਉਣ ਵਾਲੇ ਨੂੰ ਛੋਟਾ ਸਮਝਿਆ ਤੇ ਪੰਜ ਚਾਰ ਮਿੰਟਾਂ ‘ਚ ਸਾਡਾ ਵਿਰੋਧਾਭਾਸ ਖ਼ਤਮ ਹੋ ਗਿਆ ਤੇ ਅਸੀਂ ਇਕ ਦੂਜੇ ਦੇ ਮਕਸਦ ਨੂੰ ਸਮਝ ਗਏ।
ਏਨੇ ਨੂੰ ਭੋਲਾ ਆ ਗਿਆ ਕਹਿੰਦਾ ਬਾਈ ਮਾਨ ਸਾਹਿਬ ਨੇ ਟਾਈਮ ਲਗਵਾ ਦਿੱਤਾ, ਤੈਨੂੰ ਪਤਾ ਬਰਾੜ ਬਾਈ ਮੈਂ ਇਕ ਵੇਲੇ ਰੱਬ ਦੀ ਗੱਲ ਟਾਲ ਦੇਵਾਂ ਪਰ ਬਾਈ ਦੀ ਗੱਲ ਨਹੀਂ ਟਾਲ ਸਕਦਾ। ਉਸ ਵਕਤ ਤੱਕ ਮਾਨ ਸਾਹਿਬ ਦੇ ਤਕਰੀਬਨ ਸਾਰੇ ਸਾਥੀ ਉੱਥੇ ਆ ਗਏ ਸਨ। ਭੋਲਾ ਕਹਿੰਦਾ ਬਾਈ ਆਹ ਬਾਈ ਜੱਸੀ ਆ। ਸਾਡਾ ਸਾਥ 30 ਵਰ੍ਹਿਆਂ ਤੋਂ ਹੈ। ਅਸੀਂ ਇਕ ਦੂਜੇ ਨਾਲ ਜਿਨ੍ਹਾਂ ਮਰਜ਼ੀ ਲੜੀਏ ਭਿੜੀਏ ਪਰ ਕਿਤੇ ਜਾਈਏ, ਰਹਿੰਦੇ ਇਕ ਕਮਰੇ ‘ਚ ਹੀ ਹਾਂ। ਆਹ ਬਾਈ ਤੁਲਸੀ ਹੈ ਇਹ ਤੁਹਾਡੇ ਜ਼ਿਲ੍ਹੇ ਸਿਰਸੇ ਤੋਂ ਹੈ। ਜਦੋਂ ਮੈਂ ਮੁੜ ਕੇ ਦੇਖਿਆ ਤਾਂ ਤੁਲਸੀ ਮੇਰੇ ਝੱਟ ਪਛਾਣ ‘ਚ ਆ ਗਿਆ। ਕਿਉਂਕਿ ਉਸ ਨਾਲ ਵੀ ਜ਼ਿੰਦਗੀ ਦਾ ਇਕ ਕਿੱਸਾ ਜੁੜਿਆ ਹੋਇਆ ਸੀ। ਜਦੋਂ ਮੈਂ ਉਸ ਨੂੰ ਯਾਦ ਕਰਵਾਇਆ ਤਾਂ ਉਹ ਬਹੁਤ ਖ਼ੁਸ਼ ਹੋਇਆ ਤੇ ਸਾਨੂੰ ਇੰਝ ਲੱਗੇ ਜਿਵੇਂ ਕੋਈ ਰਿਸ਼ਤੇਦਾਰੀ ਨਿਕਲ ਆਈ ਹੋਵੇ। ਗ਼ਰੀਬ ਘਰੇ ਜੰਮਿਆ ਤੁਲਸੀ ਕੀ ਬੋਰਡ ਦਾ ਇਕ ਬਹੁਤ ਹੀ ਪਰਪੱਕ ਕਲਾਕਾਰ ਹੈ ਤੇ ਪਿਛਲੇ ਕਾਫ਼ੀ ਵਕਤ ਤੋਂ ਉਹ ਭੋਲੇ ਕਾਰਨ ਮਾਨ ਸਾਹਿਬ ਦਾ ਸਾਥ ਮਾਣ ਰਿਹਾ ਹੈ।
ਜਾਣ ਪਹਿਚਾਣ ਤੋਂ ਬਾਅਦ ਅਸੀਂ ਪੁਰਾਣੇ ਦੁੱਖ ਸੁੱਖ ਫਰੋਲਣ ਲੱਗ ਪਏ ਤੇ ਨਾਲ ਨਾਲ ਭੋਲਾ ਚਾਹ ਬਣਾਉਣ ਲੱਗ ਪਿਆ। ਕਹਿੰਦਾ ਬਈ ਬਠਿੰਡੇ ਵਾਲੀ ਬਣਾਊਂ, ਤੂੰ ਵੀ ਕੀ ਯਾਦ ਰੱਖੇਗਾ! ਮੈਂ ਕਿਹਾ ਤੁਹਾਡਾ ਹਰ ਗੱਲ ‘ਤੇ ਬਾਈ ਕਹਿਣਾ ਹੀ ਮੈਨੂੰ ਬਠਿੰਡੇ ਦੀ ਯਾਦ ਦੁਆ ਰਿਹਾ ਹੈ, ਸੋ ਚਾਹ ਕਿਉਂ ਨਾ ਬਠਿੰਡਾ ਯਾਦ ਕਰਵਾਊ! ਚਾਹ ਪੀਣ ਤੋਂ ਬਾਅਦ ਜਦੋਂ ਅਸੀਂ ਰੇਡੀਓ ਲਈ ਰਿਕਾਰਡਿੰਗ ਕਰ ਰਹੇ ਸਾਂ ਤਾਂ ਭੋਲੇ ਦੇ ਬਾਕੀ ਸਾਥੀ ਉਸ ਨੂੰ ਛੇੜਨੋਂ ਨਾ ਹਟੇ। ਵਾਰ ਵਾਰ ਗੱਲ ਕਰਦਾ ਭੋਲਾ ਉਨ੍ਹਾਂ ਨਾਲ ਹੱਸ ਪਿਆ ਕਰੇ। ਉਸ ਦੀਆਂ ਕਈ ਹਰਕਤਾਂ ਬਿਲਕੁਲ ਬੱਚਿਆਂ ਵਰਗੀਆਂ ਲਗਦੀਆਂ ਸਨ। ਪਰ ਮੇਰੇ ਹਰ ਸਵਾਲ ਦੇ ਜਵਾਬ ‘ਚ ਉਹ ਦਿਲ ਖੋਲ੍ਹ ਕੇ ਬੋਲਿਆ। ਉਸ ਨੇ ਸਾਰੀ ਵਿਆਖਿਆ ਬਿਆਨ ਕਰ ਦਿੱਤੀ ਕਿ ਕਿਵੇਂ ਉਹ ਪੀਪੀ ਵਜਾਉਂਦਾ ਵਜਾਉਂਦਾ ਢੋਲਕੀ ਮਾਸਟਰ ਬਣ ਗਿਆ।
ਉਹ ਕਹਿੰਦਾ ਚਾਹੇ ਅੱਜ ਉਸ ਕੋਲੋਂ ਸਿੱਖ ਕੇ ਬਹੁਤ ਸਾਰੇ ਮੁੰਡੇ ਢੋਲਕੀ ਮਾਸਟਰ ਬਣ ਗਏ ਪਰ ਸੱਚ ਦੱਸਾਂ ਮੈਂ ਕਦੇ ਕਿਸੇ ਤੋਂ ਕੁਝ ਨਹੀਂ ਸਿੱਖਿਆ। ਜਦੋਂ ਮੈਂ ਮਾਨ ਸਾਹਿਬ ਦੇ ਗੀਤ ਛੱਲੇ ‘ਤੇ ਢੋਲਕੀ ਵਜਾਉਂਦਾ ਹਾਂ ਤਾਂ ਆਪਣੀ ਸੁੱਧ ਬੁੱਧ ਭੁੱਲ ਜਾਂਦਾ ਹਾਂ। ਹੋਰ ਤਾਂ ਹੋਰ ਅੱਜ ਕੱਲ੍ਹ ਢੋਲਕੀ ਦੀਆਂ ਕੁਝ ਤਾਲਾਂ ਦੇ ਨਾਂ ਵੀ ਉਸ ਦੇ ਨਾਂ ਉਤੇ ਪੈ ਗਏ ਹਨ। ਜਿਨ੍ਹਾਂ ਵਿਚੋਂ ‘ਬਠਿੰਡੇ ਵਾਲਾ ਠੇਕਾ’ ਤਾਲ ਬਹੁਤ ਮਸ਼ਹੂਰ ਹੈ। ਢੋਲਕੀ ਵਜਾਉਣਾ ਨਾ ਉਸ ਦਾ ਪੁਸ਼ਤੈਨੀ ਧੰਦਾ ਸੀ ਅਤੇ ਨਾਂ ਹੀ ਉਸ ਦੇ ਬੱਚੇ ਇਸ ਲਾਈਨ ‘ਚ ਜਾਣਾ ਚਾਹੁੰਦੇ ਹਨ। ਭੋਲਾ ਦੱਸਦਾ ਹੈ ਕਿ ਸ਼ੁਰੂ ਸ਼ੁਰੂ ‘ਚ ਮੇਰੇ ਪਰਿਵਾਰ ਨੂੰ ਇਸ ਸ਼ੌਂਕ ਤੋਂ ਬਹੁਤ ਤਕਲੀਫ਼ ਸੀ ਪਰ ਵੱਡੇ ਭਰਾ ਨੇ ਜਦੋਂ ਕੀਰਤਨ ਕਰਨਾ ਤਾਂ ਮੈਨੂੰ ਆਪਣੇ ਨਾਲ ਉਤਸ਼ਾਹਿਤ ਕਰਨਾ। ਸ਼ੁਰੂ ਦੇ ਸਾਲਾਂ ਵਿਚ ਉਸ ਨੇ ਡਰਾਮਾ, ਰਾਮ-ਲੀਲ੍ਹਾ ਆਦਿ ਵਿਚ ਐਕਟਿੰਗ ਵੀ ਕੀਤੀ ਅਤੇ ਬਾਅਦ ਮਾਨ ਸਾਹਿਬ ਨੇ ਉਸ ਨੂੰ ਫ਼ਿਲਮ ‘ਕੀ ਬਣੂ ਦੁਨੀਆਂ ਦਾ’ ਵਿਚ ਸੁਨਹਿਰੀ ਪਰਦੇ ‘ਤੇ ਵੀ ਆਉਣ ਦਾ ਮੌਕਾ ਦਿੱਤਾ। ਵਿਆਹ ਦੇ ਮਾਮਲੇ ‘ਚ ਭੋਲਾ ਕਹਿੰਦਾ ਕਿ ਉਹ ਥੋੜਾ ਜਿਹਾ ਲੇਟ ਹੋ ਗਿਆ। ਇਸੇ ਕਰ ਕੇ ਉਸ ਦੇ ਬੱਚੇ ਹਾਲੇ ਛੋਟੇ ਹਨ। ਜਿਨ੍ਹਾਂ ਵਿੱਚ ਇੱਕ ਲੜਕੀ ਸਿਮਰਨਜੀਤ ਕੌਰ ਬਾਰਾਂ ਸਾਲ ਤੇ ਇਕ ਲੜਕਾ ਹਨੀਸ਼ ਹੈਰੀ ਨੌਂ ਸਾਲ ਦਾ ਹੈ ਤੇ ਉਸ ਦੀ ਪਤਨੀ ਮਾਨਸਾ ਤੋਂ ਹੈ।
ਮਾਨ ਸਾਹਿਬ ਤੋਂ ਮਿਲਦੇ ਪਿਆਰ ਤੋਂ ਭੋਲਾ ਬਹੁਤ ਖ਼ੁਸ਼ ਹੈ। ਉਹ ਦੱਸਦਾ ਹੈ ਕਿ ਕਦੇ ਮਾਨ ਸਾਹਿਬ ਨੇ ਬੇਗਾਨਾ ਮਹਿਸੂਸ ਹੀ ਨਹੀਂ ਹੋਣ ਦਿੱਤਾ। ਇਕ ਵਾਰ ਭੋਲੇ ਦੇ ਹੱਥ ਦਾ ਅੰਗੂਠਾ ਜ਼ਖਮੀ ਹੋ ਗਿਆ ਤੇ ਡਾਕਟਰ ਕਹਿੰਦੇ ਇਸ ਨੂੰ ਕੱਟਣਾ ਪੈਣਾ ਪਰ ਮਾਨ ਸਾਹਿਬ ਕਹਿੰਦੇ ਜਿਨ੍ਹਾਂ ਮਰਜ਼ੀ ਖ਼ਰਚਾ ਹੋ ਜਾਵੇ ਅਸੀਂ ਭੋਲੇ ਦਾ ਅੰਗੂਠਾ ਬਚਾਉਣਾ ਹੈ ਤੇ ਉਹ ਉਨ੍ਹਾਂ ਨੇ ਬਚਾ ਵੀ ਲਿਆ। ਮਨਜੀਤ ਮਾਨ ਨੂੰ ਉਹ ਭਾਬੀ ਜੀ ਕਹਿ ਕੇ ਬੁਲਾਉਂਦਾ ਹੈ ਤੇ ਉਹ ਸਭ ਦਾ ਖ਼ਿਆਲ ਬੱਚਿਆਂ ਵਾਂਗ ਕਰਦੇ ਹਨ। ਅੱਜ ਤੱਕ ਜੋ ਮਾਨ ਸਾਹਿਬ ਦਾ ਸਾਥੀ ਬਣ ਗਿਆ ਛੱਡ ਕੇ ਨਹੀਂ ਗਿਆ।
ਦੋਸਤੋ! ਮੈਨੂੰ ਪਿਛਲੇ ਦਿਨੀਂ ਕਈ ਬੰਦਿਆਂ ਨੇ ਸਵਾਲ ਕੀਤੇ ਕਿ ਤੁਹਾਡਾ ਨਵਾਂ ਲੇਖ ਕਿਸ ਵਿਸ਼ੇ ਤੇ ਆ ਰਿਹਾ ਹੈ ਤਾਂ ਜਦੋਂ ਮੈਂ ਦੱਸਿਆ ਕਿ ‘ਬਠਿੰਡੇ ਵਾਲੇ ਭੋਲੇ’ ‘ਤੇ ਤਾਂ ਮੂਹਰੋਂ ਇਕ ਸ਼ਖ਼ਸ ਤਾਂ ਕਹਿੰਦਾ, ”ਲਗਦਾ ਤੇਰੀ ਕਲਮ ਕੋਲ ਰਾਸ਼ਨ ਖ਼ਤਮ ਹੋ ਗਿਆ, ਜਿਹੜਾ ਅੱਜ ਕੱਲ੍ਹ ਢੋਲਕੀਆਂ ਕੁੱਟਣ ਵਾਲਿਆਂ ‘ਤੇ ਲਿਖਣ ਲੱਗ ਪਿਆ, ਕੀ ਖ਼ਾਸੀਅਤ ਹੈ ਉਹ ਦੇ ਵਿਚ”? ਮੇਰਾ ਤਾਂ ਇਥੇ ਇਹ ਹੀ ਕਹਿਣਾ ਹੈ ਕਿ ਜੋ ਖ਼ਾਸੀਅਤ ਮੈਨੂੰ ਅੱਜ ਦੇ ਯੁੱਗ ਵਿਚ ਭੋਲੇ ਵਿੱਚ ਦਿਸੀ, ਉਹ ਛੇਤੀ ਕੀਤੇ ਦਿਖਾਈ ਨਹੀਂ ਦਿੰਦੀ। ਇਸ ਨੂੰ ਉਹ ਪਿਛਲੇ ਪੈਂਤੀ ਵਰ੍ਹਿਆਂ ਤੋਂ ਸਾਬਤ ਵੀ ਕਰ ਚੁੱਕਿਆ ਹੈ । ਬਾਕੀ ਇਹੋ ਜਿਹੀ ਸੋਚ ਰੱਖਣ ਵਾਲੇ ਆਲੋਚਕਾਂ ਲਈ ਇਹੀ ਕਹਾਂਗਾ ਕਿ ਇੱਕ ਪਾਸੇ ਅਸੀਂ ਜਗਤ ਗੁਰੂ ਬਾਬਾ ਨਾਨਕ ਜੀ ਦੇ ਪੈਰੋਕਾਰ ਕਹਾਉਂਦੇ ਹਾਂ ਤੇ ਦੂਜੇ ਪਾਸੇ ਸਾਡੇ ਨਜ਼ਰੀਏ ਦੀ ਤੰਗੀ ਦੇਖੋ ਕਿ ਅਸੀਂ ਬੰਦੇ ਨੂੰ ਉਸ ਦੀ ਜਾਤ ਅਤੇ ਕਰਮ ਦੇ ਹਿਸਾਬ ਨਾਲ ਸਤਿਕਾਰਦੇ ਹਾਂ। ਥੋੜ੍ਹਾ ਜਿਹਾ ਨਜ਼ਰੀਆ ਵੱਡਾ ਕਰ ਕੇ ਦੇਖੋ ਤੁਹਾਨੂੰ ਭੋਲੇ ਵਿਚੋਂ ਇੱਕ ਫ਼ੱਕਰ ਦੇ ਦਰਸ਼ਨ ਹੋਣਗੇ। (880)

0 comments:

Post a Comment